ਇਸ ਸਮਾਜ ਵਿੱਚ ਆਰਥਿਕ ਨਾ ਬਰਾਬਰੀ ਸ਼ੁਰੂ ਤੋਂ ਹੀ ਰਹੀ ਹੈ। ਕਈ ਪਰਿਵਾਰ ਤਾਂ ਬਿਲਕੁਲ ਹੀ ਗ਼ਰੀਬ ਹਨ, ਜਿਨ੍ਹਾਂ ਨੂੰ 2 ਡੰਗ ਦੀ ਰੋਟੀ ਵੀ ਨਹੀਂ ਜੁੜਦੀ। ਦੂਜੇ ਪਾਸੇ ਇੱਥੇ ਅਜਿਹੇ ਲੋਕ ਵੀ ਹਨ, ਜਿਨ੍ਹਾਂ ਕੋਲ ਬੇਸ਼ੁਮਾਰ ਧਨ ਦੌਲਤ ਹੈ। ਕਈ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਦਾ ਅਤੇ ਕਈ ਲੋਕ ਖ਼ੁਦ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਗੁਰਦਾਸਪੁਰ ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇੱਕ ਗ਼ਰੀਬ ਔਰਤ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੀ ਹੈ।
ਇਹ ਬਹੁਤ ਹੀ ਗ਼ਰੀਬ ਪਰਿਵਾਰ ਹੈ। ਪਰਿਵਾਰ ਦਾ ਮੁਖੀ ਰਿਕਸ਼ਾ ਚਲਾਉਂਦਾ ਹੈ। ਉਹ ਆਪਣੇ 2 ਬੱਚਿਆਂ ਮੁੰਡਾ ਅਤੇ ਕੁੜੀ ਨੂੰ ਸਕੂਲ ਭੇਜਣ ਤੋਂ ਵੀ ਅਸਮਰੱਥ ਹਨ। ਇਨ੍ਹਾਂ ਦੇ ਮਕਾਨ ਦੀ ਹਾਲਤ ਇਹ ਹੈ ਕਿ ਛੱਤ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਘਰ ਦੇ ਹਾਲਾਤ ਇੰਨੇ ਔਖੇ ਹਨ ਕਿ ਬਿਆਨ ਕਰਨ ਤੋਂ ਪਰੇ ਹਨ। ਇਸ ਪਰਿਵਾਰ ਦੀਆਂ ਇੱਛਾਵਾਂ ਵੀ ਬਹੁਤੀਆਂ ਨਹੀਂ। ਔਰਤ ਸਿਰਫ਼ ਇੰਨੀ ਹੀ ਮੰਗ ਕਰਦੀ ਹੈ ਕਿ ਉਨ੍ਹਾਂ ਦਾ ਇੱਕ ਕਮਰਾ ਅਤੇ ਇਕ ਰਸੋਈ ਬਣ ਜਾਵੇ। ਉਹ ਦੱਸਦੀ ਹੈ ਕਿ ਰਾਤ ਸਮੇਂ ਉਹ ਜਾਗ ਕੇ ਸਮਾਂ ਲੰਘਾਉਂਦੇ ਹਨ ਤਾਂ ਕਿ ਸੁੱਤੇ ਸਮੇਂ ਕਿਤੇ ਛੱਤ ਨਾ ਡਿੱਗ ਪਵੇ।
ਜੇਕਰ ਮੀਂਹ ਪੈਂਦਾ ਹੈ ਤਾਂ ਉਹ ਅਰਦਾਸ ਕਰਦੇ ਹਨ ਕਿ ਮੀਂਹ ਰੁਕ ਜਾਵੇ, ਕਿਉਂਕਿ ਮੀਂਹ ਨਾਲ ਉਨ੍ਹਾਂ ਦਾ ਮਕਾਨ ਚੋਣ ਲੱਗ ਪੈਂਦਾ ਹੈ। ਇਸ ਵਾਰਡ ਦੇ ਐੱਮ ਸੀ ਨੇ ਦੱਸਿਆ ਹੈ ਕਿ ਜਨਵਰੀ ਫਰਵਰੀ ਵਿੱਚ ਚੋਣ ਹੋਈ ਸੀ ਅਤੇ ਉਨ੍ਹਾਂ ਨੇ ਮਾਰਚ ਅਪ੍ਰੈਲ ਵਿੱਚ ਅਹੁਦਾ ਸੰਭਾਲਿਆ ਹੈ। ਕੌਂਸਲਰ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਉਨ੍ਹਾਂ ਤੋਂ ਪਹਿਲਾਂ ਕੌਂਸਲਰ ਸੀ, ਉਸ ਨੇ ਵੀ ਇਸ ਪਰਿਵਾਰ ਦੇ ਫਾਰਮ ਭਰਵਾਏ ਸਨ ਤਾਂ ਕਿ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਇਸ ਪਰਿਵਾਰ ਦੀ ਸਹਾਇਤਾ ਹੋ ਸਕੇ। ਕੌਂਸਲਰ ਦੇ ਦੱਸਣ ਮੁਤਾਬਕ ਕਿਸੇ ਕਾਰਨ ਇਸ ਪਰਿਵਾਰ ਦੀ ਮਦਦ ਨਹੀਂ ਹੋ ਸਕੀ।
ਹੁਣ ਉਹ ਸਰਕਾਰ ਤੋਂ ਇਸ ਪਰਿਵਾਰ ਨੂੰ ਸਹੂਲਤ ਦਿਵਾਉਣਗੇ ਤਾਂ ਕਿ ਇਨ੍ਹਾਂ ਦਾ ਮਕਾਨ ਪੱਕਾ ਬਣਵਾਇਆ ਜਾ ਸਕੇ। ਕੌਂਸਲਰ ਨੇ ਭਰੋਸਾ ਦਿਵਾਇਆ ਹੈ ਕਿ ਜੇਕਰ ਇਸ ਪਰਿਵਾਰ ਨੂੰ ਸਰਕਾਰੀ ਮਦਦ ਨਹੀਂ ਮਿਲਦੀ ਤਾਂ ਉਹ ਆਪਣੇ ਵੱਲੋਂ ਕੋਈ ਹੋਰ ਪ੍ਰਬੰਧ ਕਰਨਗੇ ਪਰ ਇਸ ਪਰਿਵਾਰ ਦਾ ਮਕਾਨ ਪੱਕਾ ਜ਼ਰੂਰ ਕਰਵਾਇਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕਰਨਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
