4 ਜਨਵਰੀ ਤੋਂ ਪੰਜਾਬ ਦਾ ਮੌਸਮ ਖ਼ਰਾਬ ਚੱਲ ਰਿਹਾ ਹੈ। ਕਿਧਰੇ ਬੱਦਲਵਾਈ ਅਤੇ ਕਿਧਰੇ ਮੀਂਹ ਪੈ ਰਿਹਾ ਹੈ। ਇਹ ਪੱਛਮੀ ਗੜਬੜੀ ਅਤੇ ਘੱਟ ਦਬਾਅ ਵਾਲਾ ਮਾਹੌਲ ਬਣਨ ਕਾਰਨ ਹੋਇਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਇਸ ਸਬੰਧੀ ਅਗਾਊਂ ਚੌਕਸ ਕਰ ਦਿੱਤਾ ਸੀ। ਮੌਸਮ ਵਿਭਾਗ ਨੇ 8 ਜਨਵਰੀ ਤਕ ਹਲਕੀ ਤੋਂ ਦਰਮਿਆਨੀ ਵਰਖਾ ਦੀ ਭਵਿੱਖਬਾਣੀ ਕੀਤੀ ਸੀ। ਕਿਤੇ ਕਿਤੇ ਵੱਧ ਵਰਖਾ ਅਤੇ ਗੜੇ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਸੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਕਰਾਂ ਵਿੱਚ ਬਰਫ਼ਬਾਰੀ ਹੋਣ ਦੀ ਜਾਣਕਾਰੀ ਮਿਲੀ ਹੈ।
ਇਹ ਬਰਫ਼ਬਾਰੀ ਕਿਸੇ ਵੱਡੇ ਇਲਾਕੇ ਵਿਚ ਨਹੀਂ ਹੋਈ, ਸਗੋਂ ਇਕ ਪਿੰਡ ਵਿਚ ਹੀ ਹੋਈ ਹੈ। ਗੜੇ ਪੈਣ ਕਾਰਨ ਧਰਤੀ ਚਿੱਟੇ ਰੰਗ ਦੀ ਨਜ਼ਰ ਆ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਕੁਦਰਤ ਨੇ ਚਿੱਟੀ ਚਾਦਰ ਵਿਛਾ ਦਿੱਤੀ ਹੋਵੇ। ਸੜਕਾਂ, ਖੇਤਾਂ ਅਤੇ ਇੱਥੋਂ ਤਕ ਕਿ ਘਰਾਂ ਦੀਆਂ ਛੱਤਾਂ ਉੱਤੇ ਵੀ ਸਫੈਦੀ ਹੀ ਨਜ਼ਰ ਆ ਰਹੀ ਸੀ। ਬਹੁਤ ਸਾਰੇ ਲੋਕਾਂ ਨੇ ਇਸ ਦ੍ਰਿਸ਼ ਨੂੰ ਕੈਮਰੇ ਵਿੱਚ ਕੈਦ ਕਰ ਲਿਆ। ਇਨ੍ਹਾਂ ਲੋਕਾਂ ਨੇ ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੋਸਲ ਮੀਡੀਆ ਤੇ ਹੋਰ ਲੋਕਾਂ ਨਾਲ ਸਾਂਝੀਆਂ ਕੀਤੀਆਂ।
ਇਹ ਦ੍ਰਿਸ਼ ਦੇਖਣ ਵਾਲਿਆਂ ਨੂੰ ਹਿਮਾਚਲ ਪ੍ਰਦੇਸ਼ ਜਾਂ ਜੰਮੂ ਕਸ਼ਮੀਰ ਦਾ ਭੁਲੇਖਾ ਪਾਉਂਦਾ ਹੈ। ਇਸ ਬਰਫਬਾਰੀ ਨੂੰ ਫ਼ਸਲਾਂ ਲਈ ਨੁਕਸਾਨਦੇਹ ਵੀ ਮੰਨਿਆ ਜਾ ਰਿਹਾ ਹੈ। ਇਸ ਬਰਫਬਾਰੀ ਨਾਲ ਹੋਏ ਨੁਕਸਾਨ ਦੀ ਕੋਈ ਜਾਣਕਾਰੀ ਤਾਂ ਅਜੇ ਸਾਹਮਣੇ ਨਹੀਂ ਆਈ ਪਰ ਇਹ ਖਬਰ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ ਕਿ ਕਿਵੇਂ ਕੁਦਰਤ ਨੇ ਇਸ ਪਿੰਡ ਵਿੱਚ ਆਪਣਾ ਕ੍ਰਿਸ਼ਮਾ ਦਿਖਾਇਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ
