ਅੰਗਰੇਜ਼ਾਂ ਦੇ ਭਾਰਤ ਆਉਣ ਸਮੇਂ ਇੱਥੇ ਅਨੇਕਾਂ ਹੀ ਛੋਟੇ ਵੱਡੇ ਰਾਜੇ ਰਾਜ ਕਰਦੇ ਸਨ। ਉਨ੍ਹਾਂ ਦੇ ਰਾਜ ਨੂੰ ਰਿਆਸਤ ਕਿਹਾ ਜਾਂਦਾ ਸੀ। ਭਾਵੇਂ ਅੱਜਕੱਲ੍ਹ ਰਿਆਸਤਾਂ ਨਹੀਂ ਰਹੀਆਂ ਅਤੇ ਭਾਰਤ ਵਿੱਚ ਲੋਕਤੰਤਰੀ ਸਰਕਾਰ ਹੈ।
ਜਿਸ ਨੂੰ ਵੋਟਰ ਖੁਦ ਵੋਟਾਂ ਨਾਲ ਚੁਣਦੇ ਹਨ ਪਰ ਰਿਆਸਤਾਂ ਸਮੇਂ ਦੀਆਂ ਕੁਝ ਇਮਾਰਤਾਂ ਅਤੇ ਰਾਜਿਆਂ ਦੇ ਮਹਿਲ ਅਜੇ ਵੀ ਕਈ ਥਾਵਾਂ ਤੇ ਮੌਜੂਦ ਹਨ। ਇਨ੍ਹਾਂ ਵਿੱਚੋਂ ਇੱਕ ਹੈ, ‘ਪਟੌਦੀ ਪੈਲੇਸ’ ਜਿਸ ਨੂੰ ‘ਇਬਰਾਹੀਮ ਕੋਠੀ’ ਵਜੋਂ ਵੀ ਜਾਣਿਆ ਜਾਂਦਾ ਹੈ।

ਇਹ ਪੈਲੇਸ ਹਰਿਆਣਾ ਦੇ ਗੁੜਗਾਓੰ ਵਿੱਚ ਸਥਿਤ ਹੈ। ਜੋ ਪਟੌਦੀ ਰਿਆਸਤ ਦੀ ਯਾਦ ਦਿਵਾਉੰਦਾ ਹੈ। ਕਿਹਾ ਜਾ ਰਿਹਾ ਹੈ ਕਿ 1900 ਦੇ ਸ਼ੁਰੂਆਤੀ ਸਮੇਂ ਦੌਰਾਨ ਇਸ ਪੈਲੇਸ ਨੂੰ ਰਾਬਰਟ ਟਾਲ ਰਸੇਲ ਨੇ ਡਿਜ਼ਾਈਨ ਕੀਤਾ ਸੀ।

ਅੱਜਕੱਲ੍ਹ ਇਹ ਪੈਲੇਸ ਪਟੌਦੀ ਖਾਨਦਾਨ ਨਾਲ ਸਬੰਧਿਤ ਸੈਫ਼ ਅਲੀ ਖਾਨ ਪਟੌਦੀ ਦੇ ਕਬਜ਼ੇ ਹੇਠ ਹੈ। ਸੱਚਮੁੱਚ ਹੀ ਇਹ ਇੱਕ ਵਿਸ਼ਾਲ ਸੁੰਦਰ ਅਤੇ ਵਿਲੱਖਣ ਦਿੱਖ ਵਾਲਾ ਪੈਲੇਸ ਹੈ।

ਭਾਵੇਂ ਕਈ ਵਿਅਕਤੀ ਇਸ ਮਹਿਲ ਨੂੰ ਫਿਲਮਾਂ ਵਿੱਚ ਦੇਖ ਚੁੱਕੇ ਹਨ ਪਰ ਉਨ੍ਹਾਂ ਨੂੰ ਇਸ ਦੀ ਸਚਾਈ ਬਾਰੇ ਪਤਾ ਨਹੀਂ। ਜੇਕਰ ਰਕਬੇ ਦੀ ਗੱਲ ਕੀਤੀ ਜਾਵੇ ਤਾਂ ਇਹ ਪੈਲੇਸ 10 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ।

ਇਸ ਪੈਲੇਸ ਵਿੱਚ 150 ਕਮਰੇ, 7 ਡਰੈਸਿੰਗ ਰੂਮ, 7 ਬਿਲਿਆਰਡ ਟੇਬਲ ਰੂਮ, 7 ਬੈੱਡਰੂਮ, ਕਈ ਡਰਾਇੰਗ ਰੂਮ, ਅਤੇ ਡਾਈਨਿੰਗ ਰੂਮ ਉਪਲਬਧ ਹਨ। ਮਨਸੂਰ ਅਲੀ ਖਾਨ ਪਟੌਦੀ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੈਫ਼ ਅਲੀ ਖਾਨ ਇਸ ਦੇ ਮਾਲਕ ਬਣ ਗਏ।

ਇੱਥੇ ਦੱਸਣਾ ਜ਼ਰੂਰੀ ਹੈ ਕਿ ਮਨਸੂਰ ਅਲੀ ਖਾਨ ਨੇ ਇਹ ਪੈਲੇਸ 17 ਸਾਲ ਲਈ ਲੀਜ਼ ਤੇ ਦੇ ਦਿੱਤਾ ਸੀ। ਜਿਸ ਕਰਕੇ 2005 ਤੋਂ 2014 ਤੱਕ ਪਟੌਦੀ ਪੈਲੇਸ ਦੀ ਇੱਕ ਹੋਟਲ ਦੇ ਤੌਰ ਤੇ ਵਰਤੋਂ ਹੁੰਦੀ ਰਹੀ ਪਰ ਸੈਫ਼ ਅਲੀ ਖਾਨ ਨੇ ਇਹ ਪੈਲੇਸ ਵਾਪਸ ਕਰਵਾ ਲਿਆ ਪਰ ਇਸ ਲਈ ਸੈਫ਼ ਅਲੀ ਖਾਨ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

ਪਟੌਦੀ ਪੈਲੇਸ ਦੁਬਾਰਾ ਹਾਸਲ ਕਰਕੇ ਸੈਫ਼ ਅਲੀ ਖਾਨ ਨੇ ਇਸ ਨੂੰ ਫਿਰ ਤੋਂ ਡਿਜ਼ਾਈਨ ਕਰਵਾਇਆ। ਜਿਨ੍ਹਾਂ ਫਿਲਮਾਂ ਦੀ ਇਸ ਪੈਲੇਸ ਵਿੱਚ ਸ਼ੂਟਿੰਗ ਹੋਈ ਹੈ, ਉਨ੍ਹਾਂ ਫਿਲਮਾਂ ਵਿੱਚ ਆਮਿਰ ਖਾਨ ਦੀ ‘ਮੰਗਲ ਪਾਂਡੇ’, ਸ਼ਾਹਰੁਖ ਖਾਨ ਦੀ ‘ਵੀਰ ਜਾਰਾ’ ਅਤੇ ਅਕਸ਼ੈ ਖੰਨਾ ਦੀ ‘ਗਾਂਧੀ’ ਫਿਲਮ ਦੇ ਨਾਮ ਸ਼ਾਮਲ ਹਨ।

ਇਸ ਪੈਲੇਸ ਦੀ ਬਾਹਰੀ ਸੁੰਦਰਤਾ ਨੂੰ ਦੇਖ ਕੇ ਹਰ ਕਿਸੇ ਦੇ ਮਨ ਵਿੱਚ ਸੁਆਲ ਉੱਠਦਾ ਹੈ ਕਿ ਇਹ ਪੈਲੇਸ ਅੰਦਰ ਤੋਂ ਕਿਹੋ ਜਿਹਾ ਹੋਵੇਗਾ। ਜਦੋਂ ਵੀ ਸੈਫ਼ ਅਲੀ ਖਾਨ ਨੂੰ ਵਿਹਲ ਮਿਲਦੀ ਹੈ ਤਾਂ ਉਹ ਇੱਥੇ ਆ ਕੇ ਸਮਾਂ ਗੁਜ਼ਾਰਦੇ ਹਨ। ਇਹ ਪੈਲੇਸ ਉਸ ਸਮੇਂ ਦੀ ਭਵਨ ਨਿਰਮਾਣ ਕਲਾ ਦਾ ਇੱਕ ਨਮੂਨਾ ਕਿਹਾ ਜਾ ਸਕਦਾ ਹੈ।